ਰਾਕਟ

ਵਿਕਿਪੀਡਿਆ ਤੋਂ

ਇਹ ਲੇਖ user kuldip1 ਵਲੋ ਲਿਖਿਆ ਗਿਆ ਹੈ

ਰਾਕਟ ਤੇ ਜੈੱਟ ਹਵਾਈ ਜਹਾਜ਼ਾਂ ਦੀ ਥਿਊਰੀ ਅਤੇ ਕੰਮ ਬੜੇ ਸਾਵੇਂ ਸਿਧਾਂਤ 'ਤੇ ਨਿਰਭਰ ਹਨ। ਇਹ ਹੈ ਨਿਊਟਨ ਦਾ ਤੀਜਾ ਸਿਧਾਂਤ। ਕਿਸੇ ਵਸਤੂ 'ਤੇ ਜਦੋਂ ਕੋਈ ਐਕਸ਼ਨ (ਕਿਰਿਆ) ਹੁੰਦਾ ਹੈ ਤਾਂ ਇਸ ਦੇ ਉਲਟ ਉਤਨੀ ਹੀ ਤਾਕਤ ਉਸ ਵਸਤੂ 'ਤੇ ਨਾਲ ਹੀ ਰੀਐਕਸ਼ਨ (ਪ੍ਰਤੀ-ਕਿਰਿਆ) ਹੁੰਦਾ ਹੈ। ਜਿੰਨੀ ਤਾਕਤ ਨਾਲ ਐਕਸ਼ਨ ਕੀਤਾ ਜਾਂਦਾ ਹੈ ਅਤੇ ਐਕਸ਼ਨ ਦੀ ਦਿਸ਼ਾ ਤੋਂ ਰੀਐਕਸ਼ਨ ਦੀ ਦਿਸ਼ਾ 180 ਡਿਗਰੀ 'ਤੇ ਅਰਥਾਤ ਬਿਕੁਲ ਉਲਟ ਦਿਸ਼ਾ ਵਿਚ ਹੁੰਦੀ ਹੈ।


ਇਸੇ ਆਧਾਰ 'ਤੇ ਨਿਊਟਨ ਨੇ ਕਈ ਤਜਰਬੇ ਕੀਤੇ, ਜਿਸ ਨਾਲ ਇਹ ਸਿਧਾਂਤ ਬਰਾਬਰ ਉਤਰਿਆ। ਜਿਵੇਂ ਹਵਾ ਦਾ ਭਰਿਆ ਇਕ ਗੁਬਾਰਾ ਲੈ ਲਵੋ ਅਤੇ ਉਸ ਦੇ ਸਿਰੇ ਨੂੰ ਆਪਣੇ ਹੱਥ ਵਿਚ ਪਕੜ ਲਓ। ਗੁਬਾਰੇ ਵਿਚ ਜੋ ਹਵਾ ਹੈ, ਉਹ ਗੁਬਾਰੇ ਦੀ ਸਾਰੀ ਅੰਦਰਲੀ ਸਤਹਿ 'ਤੇ ਇਕੋ ਜਿਹੀ ਤਾਕਤ ਲਗਾ ਰਹੀ ਹੁੰਦੀ ਹੈ। ਜਦ ਇਹ ਹਵਾ ਛੱਡੀ ਜਾਂਦੀ ਹੈ ਤਾਂ ਗੁਬਾਰਾ ਹਵਾ ਦੀ ਦਿਸ਼ਾ ਦੇ ਉਲਟ ਉਤਨੀ ਹੀ ਤਾਕਤ ਨਾਲ ਉੱਡਦਾ ਹੈ ਜਿਤਨੀ ਤਾਕਤ ਨਾਲ ਹਵਾ ਗੁਬਾਰੇ ਵਿਚੋਂ ਬਾਹਰ ਨਿਕਲਦੀ ਹੈ। ਗੁਬਾਰੇ ਨੂੰ ਉਲਟ ਦਿਸ਼ਾ ਵਿਚ ਜਾਣ ਨੂੰ ਰਿਐਕਸ਼ਨ ਕਹਿੰਦੇ ਹਨ ਅਤੇ ਗੁਬਾਰੇ ਵਿਚੋਂ ਹਵਾ ਨਿਕਲਣ ਨੂੰ ਐਕਸ਼ਨ ਕਹਿੰਦੇ ਹਨ।

ਰਾਕਟ ਤੇ ਜੈੱਟ ਹਵਾਈ ਜਾਹਾਜ਼ ਏਸੇ ਹੀ ਆਧਾਰ 'ਤੇ ਚੱਲਦੇ ਹਨ। ਪਰ ਅਸਲੀਅਤ ਵਿਚ ਜੈੱਟ ਇੰਜਨ ਵਿਚ ਹਵਾ ਭਰਨ ਨਾਲ ਕੁਝ ਨਹੀਂ ਬਣਦਾ ਅਰਥਾਤ ਹਵਾ ਜਲਦੀ ਹੀ ਖਤਮ ਹੋ ਜਾਵੇਗੀ। ਇਸ ਤਰੁੱਟੀ ਨੂੰ ਦੂਰ ਕਰਨ ਲਈ ਜੈੱਟ ਇੰਜਨ ਵਿਚ ਤੇਲ ਜਾਲਿਆ ਜਾਂਦਾ ਹੈ। ਇਸ ਤੇਲ ਦੀਆਂ ਤੂਫਾਨੀ ਬਲਦੀਆਂ ਗੈਸਾਂ ਇੰਜਨ ਵਿਚੋਂ ਜਿਤਨੀ ਤਾਕਤ ਨਾਲ ਬਾਹਰ ਨਿਕਲਦੀਆਂ ਹਨ ਉਤਨੀ ਹੀ ਤਾਕਤ ਨਾਲ ਜੈੱਟ ਇੰਜਨ ਉਲਟੀ ਦਿਸ਼ਾ ਵੱਲ ਜਾਂਦਾ ਹੈ। ਇਹ ਹੀ ਸਿਧਾਂਤ ਰਾਕਟ ਦਾ ਹੈ। ਜਿਤਨੀ ਤਾਕਤ ਨਾਲ ਬਲਦੀਆਂ ਗੈਸਾਂ ਥੱਲੇ ਨੂੰ ਨਿਕਲਣਗੀਆਂ ਉਤਨੀ ਹੀ ਤਾਕਤ ਨਾਲ ਰਾਕਟ ਉਪਰ ਨੂੰ (ਉਲਟ ਦਿਸ਼ਾ) ਵੱਲ ਜਾਵੇਗਾ। ਅਤਿਸ਼ਬਾਜ਼ੀ ਜੋ ਅਸੀਂ ਦੀਵਾਲੀ ਵਾਲੀ ਦਿਨ ਚਲਾਉਂਦੇ ਹਾਂ, ਇਨ੍ਹਾਂ ਨੂੰ ਵੀ ਮਿੰਨੀ ਰਾਕਟ ਕਹਿ ਸਕਦੇ ਹਾਂ। ਇਸ ਵਿਚ ਗੰਨ ਪਾਊਡਰ ਜਲਣ ਨਾਲ ਜਿਤਨੀ ਜ਼ੋਰ ਨਾਲ ਗੈਸਾਂ ਥੱਲੇ ਨੂੰ ਨਿਕਲਦੀਆਂ ਹਨ, ਉਤਨੀ ਹੀ ਤਾਕਤ ਨਾਲ ਆਤਿਸ਼ਬਾਜ਼ੀ ਉਪਰ ਨੂੰ ਜਾਂਦੀ ਹੈ।

ਇਸੇ ਸਿਧਾਂਤ ਦੇ ਆਧਾਰ 'ਤੇ ਤਾਰਿਆਂ ਤੱਕ ਪੁੱਜਣ ਦੇ ਸੁਪਨੇ ਦੇਖੇ ਸਨ ਇਕ ਰੂਸੀ ਸਾਇੰਸਦਾਨ ਨੇ, ਜਿਨ੍ਹਾਂ ਦਾ ਨਾਂ ਸੀ ਤਸੀਓਲਕੋਵਸਕੀ। 19ਵੀਂ ਸਦੀ ਵਿਚ ਹੀ ਇਹ ਤਾਰਿਆਂ ਤੱਕ ਪੁੱਜਣ ਸਬੰਧੀ ਸਕੂਲ ਵਿਚ ਪੜ੍ਹਾਉਂਦੇ ਹੋਏ ਤਜਰਬੇ ਕਰਦੇ ਰਹੇ। 1883 ਵਿਚ, ਪਹਿਲੇ ਹਵਾਈ ਜਹਾਜ਼ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਖਲਾਅ ਵਿਚ ਜਾਣ ਅਰਥਾਤ ਤਾਰਿਆਂ ਤੱਕ ਪੁੱਜਣ ਲਈ ਸਾਇੰਸਦਾਨਾਂ ਨਾਲ ਵੱਖ ਵੱਖ ਪੱਖਾਂ 'ਤੇ ਵਿਚਾਰ ਕੀਤੀ ਸੀ। ਤਾਰਿਆਂ ਤੱਕ ਪੁੱਜਣ ਦੇ ਸਬੰਧ ਵਿਚ ਉਨ੍ਹਾਂ ਇਕ ਥਿਊਰੀ (ਸਿਧਾਂਤ) ਦਾ ਵਿਕਾਸ ਵੀ ਕੀਤਾ, ਜਿਸ ਵਿਚ ਰਾਕਟ ਨੂੰ ਅੱਗ ਲਾਉਣ ਤੋਂ ਪਹਿਲਾਂ ਤੇਲ ਸਮੇਤ ਉਸ ਦਾ ਭਾਰ ਤੇ ਤੇਲ ਮੁੱਕਣ ਤੋਂ ਪਿੱਛੋਂ ਉਸ ਦੇ ਭਾਰ ਦੀ ਅਨੁਪਾਤ ਦੀ ਵਰਤੋਂ ਕੀਤੀ ਗਈ ਸੀ।


ਤਸਵੀਰ:Jet-engine1 250.jpg


ਇਸੇ ਹੀ ਥਿਊਰੀ ਦੇ ਆਧਾਰ 'ਤੇ ਤਸੀਓਲਕੋਵਸਕੀ ਨੇ ਬੂਸਟਰ ਰਾਕਟ ਬਾਰੇ ਸੋਚਿਆ ਤਾਂ ਜੋ ਧਰਤੀ ਦੀ ਖਿੱਚ ਦਾ ਮੁਕਾਬਲਾ ਕਰਕੇ ਖਲਾਅ ਵਿਚ ਜਾਇਆ ਜਾ ਸਕੇ ਭਾਵ ਮਲਟੀਸਟੇਜ ਰਾਕਟ ਦਾ ਪ੍ਰਯੋਗ ਹੀ ਯੋਗ ਸਮਝਿਆ। ਅੱਜ ਰਾਕਟਾਂ ਸਬੰਧੀ ਇਹ ਵਿਧੀ ਹੀ ਅਪਣਾਈ ਹੋਈ ਹੈ। ਉਸ ਨੇ 2017 ਸੰਨ ਲਈ ਇਕ ਪਸਿੰਜਰ ਰਾਕਟ ਟਰੇਨ ਬਾਰੇ ਵੀ ਕਿਆਸ ਕੀਤਾ ਸੀ। ਉਸ ਦੇ ਅਨੁਮਾਨ ਅਨੁਸਾਰ ਉਸ ਰਾਕਟ ਦੀ ਲੰਬਾਈ 90 ਮੀਟਰ ਹੋਵੇਗੀ ਤੇ 20 ਸਟੇਜਾਂ ਹੋਣਗੀਆਂ। ਉਸ ਨੇ ਇਸ ਪੱਖੋਂ ਕਈ ਤਜਰਬੇ ਵੀ ਕੀਤੇ। ਉਨ੍ਹਾਂ ਦੀ ਮੌਤ 1935 ਵਿਚ ਹੋ ਗਈ ਪਰ ਉਹ ਰਾਕਟ ਨੂੰ ਤਾਰਿਆਂ ਤੱਕ ਪੁੱਜਣ ਲਈ ਰਸਤਾ ਜ਼ਰੂਰ ਦੱਸ ਗਏ। ਅੱਜ ਰਾਕਟਾਂ ਦੇ ਰਾਕਟ ਧਰਤੀ ਦੁਆਲੇ ਘੁੰਮੀ ਜਾ ਰਹੇ ਹਨ ਜੋ ਵੱਖ ਵੱਖ ਕਿਸਮਾਂ ਦੇ ਤਜਰਬੇ ਕਰੀ ਜਾਂਦੇ ਹਨ। ਇਹ ਹੀ ਰਾਕਟ ਹਨ ਜੋ ਦੇਸ਼ ਵਿਦੇਸ਼ ਟੈਲੀਫੋਨ ਕਰਨ ਅਤੇ ਵੱਖ ਵੱਖ ਟੀ·ਵੀ· ਚੈਨਲ ਦੇਖਣ ਵਿਚ ਸਹਾਈ ਹਨ। ਅੱਜ ਆਦਮੀ ਰਾਕਟ ਦੀ ਵਰਤੋਂ ਕਰਕੇ ਚੰਦ ਤੱਕ ਪਹੁੰਚ ਗਿਆ ਅਤੇ ਹੋਰ ਤਾਰਿਆਂ ਤੱਕ ਪੁੱਜਣ ਤੇ ਖੋਜ ਕਰਨ ਵਿਚ ਜੁਟਿਆ ਹੋਇਆ ਹੈ।

ਪੋਲਾਰਿਸ ਮਿਜ਼ਾਈਲ ਦਾ ਵਿਕਾਸ ਕਿਵੇਂ ਹੋਇਆ


ਵਰਤਮਾਨ ਰਾਕਟ ਕਿਸਮ ਦਾ ਹਥਿਆਰ ਸਭ ਤੋਂ ਪਹਿਲਾਂ ਦੂਜੀ ਵਿਸ਼ਵ ਜੰਗ ਵਿਚ ਜਰਮਨੀ ਨੇ ਵਰਤਿਆ। ਇਸ ਰਾਕਟ ਦਾ ਨਾਂ ਵੀ-2 ਸੀ। ਫਰਾਂਸ ਤੇ ਹਾਲੈਂਡ ਵਿਚ ਮਿਥੀਆਂ ਥਾਵਾਂ ਤੋਂ ਇਹ ਵੀ-2 ਰਾਕਟ ਜਿਨ੍ਹਾਂ 'ਚ ਬਹੁਤ ਤਾਕਤ ਵਾਲਾ ਬਾਰੂਦ ਭਰਿਆ ਹੁੰਦਾ ਸੀ, ਲੰਡਨ ਦੇ ਵਿਰੁੱਧ ਦਾਗੇ ਗਏ ਸਨ।

ਦੂਜੀ ਵਿਸ਼ਵ ਜੰਗ ਤੋਂ ਬਾਅਦ ਅਮਰੀਕਾ ਤੇ ਸੋਵੀਅਤ ਯੂਨੀਅਨ ਨੇ ਬਹੁਤ ਵੱਡੇ ਤੇ ਬਹੁਤ ਸੁਖਮ ਰਾਕਟ ਬਣਾਏ। ਇਹ ਰਾਕਟ ਹਜ਼ਾਰਾਂ ਕਿਲੋਮੀਟਰ ਦੂਰ ਜਾ ਸਕਦੇ ਹਨ। ਇਨ੍ਹਾਂ ਮਿਜ਼ਾਈਲਾਂ ਨੂੰ ਇੰਟਰਕੰਟੀਨੈਂਟਲ ਬਾਲਿਸਟਕ ਮਿਜ਼ਾਈਲ ਕਹਿੰਦੇ ਸਨ। ਭਾਵ ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ 'ਤੇ ਵੀ ਮਾਰ ਕਰਨ ਦੀ ਸਮਰਥ। ਇਨ੍ਹਾਂ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਸੀ ਕਿ ਇਹ ਆਪਣੇ ਨਾਲ ਐਟਾਮਿਕ ਤੇ ਹਾਈਡਰੋਜਨ ਬੰਬ ਲਿਜਾ ਸਕਦੀਆਂ ਸਨ। ਇਨ੍ਹਾਂ ਦੋਵੇਂ ਦੇਸ਼ਾਂ ਨੇ ਮਿਜ਼ਾਈਲਾਂ ਖਾਸ ਖਾਸ ਥਾਵਾਂ 'ਤੇ ਫਿੱਟ ਕੀਤੀਆਂ ਹੋਈਆਂ ਸਨ ਤਾਂ ਜੋ ਲੜਾਈ ਸ਼ੁਰੂ ਹੋਣ 'ਤੇ ਤਬਾਹੀ ਲਈ ਵਰਤੀਆਂ ਜਾ ਸਕਣ। ਇਨ੍ਹਾਂ ਥਾਵਾਂ ਜਿਥੇ ਇਹ ਮਿਜ਼ਾਈਲਾਂ ਫਿੱਟ ਕੀਤੀਆਂ ਸਨ, ਉਸ ਥਾਂ ਵੀ ਮਿਜ਼ਾਈਲਾਂ ਨਾਲ ਹਮਲਾ ਕੀਤਾ ਜਾ ਸਕਦਾ ਸੀ ਤੇ ਬਹੁਤ ਭਾਰੀ ਨੁਕਸਾਨ ਕੀਤਾ ਜਾ ਸਕਦਾ ਸੀ।

ਪੋਲੋਰਿਸ ਮਿਜ਼ਾਈਲ

ਤਸਵੀਰ:Polaris1 150.jpg


ਇਸ ਖਤਰੇ ਨੂੰ ਦੂਰ ਕਰਨ ਲਈ ਅਮਰੀਕਾ ਨੇ ਪਣਡੁੱਬੀਆਂ ਦਾ ਇਕ ਬੇੜਾ ਤਿਆਰ ਕੀਤਾ ਸੀ, ਜਿਨ੍ਹਾਂ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਸੀ ਕਿ ਇਹ ਇੰਟਰਕੰਟੀਨੈਂਟਲ ਬਲਿਸਟਿਕ ਮਿਜ਼ਈਲਾਂ (ਆਈ·ਸੀ·ਬੀ·ਐਮਜ਼·) ਨੂੰ ਨਾਲ ਲਿਜਾ ਸਕਦੀਆਂ ਸਨ ਅਤੇ ਪਾਣੀ ਵਿਚੋਂ ਹੀ ਹਮਲਾ ਕਰ ਸਕਦੀਆਂ ਸਨ। ਇਹ ਮਿਜ਼ਾਈਲਾਂ ਜੋ ਪਾਣੀ ਵਿਚੋਂ ਵਾਰ ਕਰਦੀਆਂ ਸਨ, ਉਨ੍ਹਾਂ ਨੂੰ ਪੋਲੋਰਿਸ ਮਿਜ਼ਾਈਲਾਂ ਕਹਿੰਦੇ ਸਨ। ਸਭ ਤੋਂ ਵੱਡੀ ਮਿਜ਼ਾਈਲ 5000 ਕਿਲੋਮੀਟਰ ਦਾ ਸਫਰ ਕਰਕੇ ਵਾਰ ਕਰਦੀ ਸੀ। ਪਣਡੁੱਬੀਆਂ ਵਿਚ ਮਿਜ਼ਾਈਲਾਂ ਨੂੰ ਫਿੱਟ ਕਰਨ ਦਾ ਇਹ ਫਾਇਦਾ ਸੀ ਕਿ ਦੁਸ਼ਮਣ ਨੂੰ ਕਿਸੇ ਖਾਸ ਸਮੇਂ ਇਹ ਨਹੀਂ ਪਤਾ ਲੱਗ ਸਕਦਾ ਸੀ ਕਿ ਮਿਜ਼ਾਈਲ ਕਿੱਥੇ ਹੈ ਅਰਥਾਤ ਮਿਜ਼ਾਈਲ ਨਸ਼ਟ ਨਹੀਂ ਸੀ ਕੀਤੀ ਜਾ ਸਕਦੀ। ਇਹ ਮਿਜ਼ਾਈਲਾਂ ਕਿਸੇ ਵੀ ਵੇਲੇ ਦੁਨੀਆਂ ਦੇ ਕਿਸੇ ਵੀ ਸਾਗਰ ਵਿਚੋਂ ਦੁਨੀਆਂ ਵਿਚ ਕਿਤੇ ਵੀ ਹਮਲਾ ਕਰ ਸਕਦੀਆਂ ਸਨ।

ਸੋਵੀਅਤ ਯੂਨੀਅਨ, ਇੰਗਲੈਂਡ ਅਤੇ ਫਰਾਂਸ ਕੋਲ ਵੀ ਇਹ ਪੋਲੋਰਿਸ ਮਿਜ਼ਾਈਲਾਂ ਹਨ ਜੋ ਪਣਡੁੱਬੀਆਂ 'ਤੇ ਫਿੱਟ ਕੀਤੀਆਂ ਹੋਈਆਂ ਹਨ ਤੇ ਪਾਣੀ ਵਿਚੋਂ ਹੀ ਵਾਰ ਕਰ ਸਕਦੀਆਂ ਹਨ।